Sunday, March 11, 2012

Ajj Aakhan Waris Shah nu.......................... A beautiful poem by Amrita Pritam on Partition

Continuing with sharing my favourite Punjabi poems on this blog, today I am sharing an epic poem which gives me goose-bumps each time I hear or read it.
It is written by Award winning writer Amrita Pritam. In this poem, Amrita talks about the scene of Indo-Pak partition in 1947.


ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।
ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ।
ਅੱਜ ਬੇਲੇ ਲਾਸ਼ਾਂ ਵਿੱਛੀਆਂ, ਤੇ ਲਹੂ ਦੀ ਭਰੀ ਚਨਾਬ।
ਕਿਸੇ ਨੇ ਪੰਜਾਂ ਪਾਣੀਆਂ ਵਿਚ, ਦਿੱਤੀ ਜ਼ਹਿਰ ਮਿਲਾ।
ਤੇ ਉਹਨਾਂ ਪਾਣੀਆਂ ਧਰਤ ਨੂੰ, ਦਿੱਤਾ ਪਾਣੀ ਲਾ।
ਇਸ ਜ਼ਰਖ਼ੇਜ਼ ਜ਼ਮੀਨ ਦੇ, ਲੂੰ ਲੂੰ ਫੁੱਟਿਆ ਜ਼ਹਿਰ।
ਗਿੱਠ ਗਿੱਠ ਚੜ੍ਹੀਆਂ ਲਾਲੀਆਂ, ਫੁੱਟ ਫੁੱਟ ਚੜ੍ਹਿਆ ਕਹਿਰ।
ਵਿਹੁ ਵਲਿੱਸੀ ਵਾ ਫਿਰ, ਵਣ ਵਣ ਵੱਗੀ ਜਾ।
ਉਹਨੇ ਹਰ ਇਕ ਬਾਂਸ ਦੀ ਵੰਝਲੀ, ਦਿੱਤੀ ਨਾਗ ਬਣਾ।
ਪਹਿਲਾ ਡੰਗ ਮਦਾਰੀਆਂ, ਮੰਤਰ ਗਏ ਗੁਆਚ।
ਦੂਜੇ ਡੰਗ ਦੀ ਲੱਗ ਗਈ, ਜਣੇ ਖਣੇ ਨੂੰ ਲਾਗ।
ਲਾਗਾਂ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ।
ਪਲੋ ਪਲੀ ਪੰਜਾਬ ਦੇ, ਨੀਲੇ ਪੈ ਗਏ ਅੰਗ।
ਗਲਿਓਂ ਟੁੱਟੇ ਗੀਤ ਫਿਰ, ਤ੍ਰਕਲਿਉਂ ਟੁੱਟੀ ਤੰਦ।
ਤ੍ਰਿਜੰਣੋਂ ਟੁੱਟੀਆਂ ਸਹੇਲੀਆਂ, ਚਰੱਖੜੇ ਘੂਕਰ ਬੰਦ।
ਸਣੇ ਸੇਜ ਦੇ ਬੇੜੀਆਂ, ਲੁੱਡਣ ਦਿੱਤੀਆਂ ਰੋੜ।
ਸਣੇ ਡਾਲੀਆਂ ਪੀਂਘ ਅੱਜ, ਪਿੱਪਲਾਂ ਦਿੱਤੀ ਤੋੜ।
ਜਿਥੇ ਵਜਦੀ ਫੂਕ ਪਿਆਰ ਦੀ,ਉਹ ਵੰਝਲੀ ਗਈ ਗੁਆਚ।
ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਸਦੀ ਜਾਚ।
ਧਰਤੀ 'ਤੇ ਲਹੂ ਵੱਸਿਆ, ਕਬਰਾਂ ਪਈਆਂ ਚੋਣ।
ਪ੍ਰੀਤ ਦੀਆਂ ਸਹਿਜ਼ਾਦੀਆਂ, ਅੱਜ ਵਿਚ ਮਜ਼ਾਰਾਂ ਰੋਣ।
ਅੱਜ ਸਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ।
ਅੱਜ ਕਿਥੋਂ ਲਿਆਈਏ ਲੱਭ ਕੇ, ਵਾਰਿਸ ਸ਼ਾਹ ਇਕ ਹੋਰ।
ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।

2 comments: